ਇੱਕ ਪਾਸੇ ਜਿੱਥੇ ਲੋਕਾਂ ਦਾ ਵੱਲੋਂ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਵੀ ਸਿਆਸੀ ਰੰਗ ਚੜ੍ਹਦਾ ਹੋਇਆ ਨਜ਼ਰ ਆ ਰਿਹਾ ਹੈ। ਜੀ ਹਾਂ ਪਹਿਲਾਂ ਸਰਕਾਰੀ ਸਕੂਲ ਫੇਰ ਹਸਪਤਾਲ ’ਤੇ ਹੁਣ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਵੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਝੰਡੇ ਦੇ ਰੰਗਾਂ ਵਰਗੇ ਰੰਗ ਕਰ ਰਹੀ ਹੈ। ਜਿਸਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰ ਫੇਰ ਤੋਂ ਸਿਆਸੀ ਮਾਹੌਲ ਭਖ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੀ ਮਾਨ ਸਰਕਾਰ ਵੱਲੋ ਪੀਆਰਟੀਸੀ ਬੱਸਾਂ ਰਾਜਸਥਾਨ ’ਚ ਬਣਵਾਈਆਂ ਜਾ ਰਹੀਆਂ ਹਨ। ਇੰਨ੍ਹਾਂ ਹੀ ਨਹੀਂ ਬੱਸਾਂ ਨੂੰ ਨੀਲੇ ਤੇ ਪੀਲੇ ਰੰਗ ’ਚ ਰੰਗਿਆ ਜਾ ਰਿਹਾ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਇਹ ਬੱਸਾਂ ਕਿਲੋਮੀਟਰ ਵਾਲੀਆਂ ਹਨ। ਸੂਬੇ ਭਰ ’ਚ ਪੀਆਰਟੀਸੀ ਤੇ ਪਨਬੱਸ ਦੇ ਠੇਕਾ ਮੁਲਾਜ਼ਮਾਂ ਵੱਲੋਂ ਲਗਾਤਾਰ ਕਿਲੋਮੀਟਰ ਸਕੀਮ ਦਾ ਵਿਰੋਧ ਕਰਦੇ ਆਏ ਹਨ। ਖੈਰ ਹੁਣ ਵਿਰੋਧੀ ਪਾਰਟੀਆਂ ਨੇ ਪੀਆਰਟੀਸੀ ਬੱਸਾਂ ‘ਤੇ ਰੰਗਾਂ ‘ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਨਾਲ ਹੀ ਸੀਐੱਮ ਭਗਵੰਤ ਮਾਨ ਨੂੰ ਆੜੇ ਹੱਥੀਂ ਲਿਆ ਜਾ ਰਿਹਾ ਹੈ।
ਬਠਿੰਡਾ ਤੋਂ ਸਾਂਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਮਾਨ ਸਰਕਾਰ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਪਹਿਲਾਂ ਇੱਕ ਨਕਲੀ ‘ਸਿਹਤ ਕ੍ਰਾਂਤੀ’, ਫਿਰ ਇੱਕ ਨਕਲੀ ‘ਸਿੱਖਿਆ ਕ੍ਰਾਂਤੀ’ ਅਤੇ ਹੁਣ ਇੱਕ ਨਕਲੀ “ਟਰਾਂਸਪੋਰਟ ਕ੍ਰਾਂਤੀ”। ਇਹ ਉਹ “ਕ੍ਰਾਂਤੀ” ਹੈ ਜੋ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਲਿਆਂਦੀ ਹੈ। ਮੁਹੱਲਾ ਕਲੀਨਿਕਾਂ ਅਤੇ ਸਕੂਲਾਂ ਨੂੰ ਪੇਂਟ ਕਰਨ ਨਾਲ ਸੰਤੁਸ਼ਟ ਨਹੀਂ, ‘ਆਪ’ ਸਰਕਾਰ ਨੇ ਹੁਣ ਪੀਆਰਟੀਸੀ (ਸਟੇਟ ਟ੍ਰਾਂਸਪੋਰਟ) ਦੀਆਂ ਬੱਸਾਂ ਨੂੰ ਆਪਣੇ ਪਾਰਟੀ ਝੰਡੇ ਦੇ ਨੀਲੇ, ਪੀਲੇ ਅਤੇ ਚਿੱਟੇ ਰੰਗਾਂ ਵਿੱਚ ਦੁਬਾਰਾ ਪੇਂਟ ਕਰ ਦਿੱਤਾ ਹੈ। ਜੋ ਵੀ ਹੋ ਸਕੇ ਕਰੋ, ਪੰਜਾਬੀ ਇਨ੍ਹਾਂ ਨਕਲੀ ਇਨਕਲਾਬੀਆਂ ਦੇ ਅਸਲੀ ਰੰਗ ਬਾਰੇ ਜਾਣ ਗਏ ਹਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਢੁਕਵਾਂ ਸਬਕ ਸਿਖਾਉਣਗੇ!
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਖਜ਼ਾਨੇ ਦੀ ਦੁਰਵਰਤੋਂ ਕਰ ਰਹੀ ਹੈ। ਪੀਆਰਟੀਸੀ ਬੱਸਾਂ ਨੂੰ ਆਮ ਆਦਮੀ ਪਾਰਟੀ ਦੇ ਝੰਡੇ ਦੇ ਰੰਗਾਂ ’ਚ ਰੰਗਿਆ ਗਿਆ ਹੈ। ਪਹਿਲਾਂ ਇਨ੍ਹਾਂ ਨੇ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਨੂੰ ਨੀਲੇ ਤੇ ਪੀਲੇ ਰੰਗ ’ਚ ਰੰਗਿਆ ਸੀ। ਉਨ੍ਹਾਂ ਨੇ ਸੀਐੱਮ ਭਗਵੰਤ ਮਾਨ ਨੂੰ ਸਵਾਲ ਪੁੱਛਦੇ ਹੋਏ ਕਿਹਾ ਕਿ ਇਹ ਉਹੀ ਕ੍ਰਾਂਤੀ ਹੈ ਜਿਸਦਾ ਤੁਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ। ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਨੀਲੀਆਂ ਕਮੀਜ਼ਾਂ ਤੇ ਪੀਲੀਆਂ ਪੈਂਟਾਂ ਪਹਿਨਣ ਲਈ ਕਦੋਂ ਕਿਹਾ ਜਾਵੇਗਾ।
ਇਨ੍ਹਾਂ ਤੋਂ ਇਲਾਵਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਮਾਨ ਸਰਕਾਰ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਸੀਐੱਮ ਭਗਵੰਤ ਮਾਨ ਪਹਿਲੀਆਂ ਸਰਕਾਰਾਂ ਦੀਆਂ ਯੋਜਨਾਵਾਂ ’ਤੇ ਸਵਾਲ ਚੁੱਕਦਾ ਰਿਹਾ ਸੀ। ਪਹਿਲਾਂ ਹਸਪਤਾਲਾਂ ਫੇਰ ਸਕੂਲਾਂ ਨੂੰ ਰੰਗਿਆਂ ਹੁਣ ਬੱਸਾਂ ਨੂੰ ਵੀ ਪੀਲੇ ਤੇ ਨੀਲੇ ਰੰਗ ’ਚ ਰੰਗ ਦਿੱਤਾ ਹੈ। ਸੱਤਾ ’ਚ ਆਉਂਦੇ ਹੀ ਭਗਵੰਤ ਮਾਨ ਨੇ ਤਾਂ ਪੂਰੇ ਸੂਬੇ ਨੂੰ ਪਾਰਟੀ ਦੇ ਰੰਗ ’ਚ ਰੰਗ ਦਿੱਤਾ ਹੈ।