
ਗੁਰਦਾਸਪੁਰ(ਦਸਤਕ ਪੰਜਾਬ) : ਗੁਰਦਾਸਪੁਰ ‘ਚ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਦੇ ਮਾਮਲੇ ‘ਚ ਮੁੱਖ ਮੁਲਜ਼ਮ ਦੇ ਮੁੱਠਭੇੜ ‘ਚ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਗੁਰਦਾਸਪੁਰ ਪੁਲਿਸ ਥਾਣਾ ਪੁਰਾਣਾ ਸ਼ਾਲਾ ਅਧੀਨ ਇਲਾਕੇ ‘ਚ ਮੁੱਠਭੇੜ (Gurdaspur Encounter) ਦੌਰਾਨ ਮੁਲਜ਼ਮ ਰਣਜੀਤ ਸਿੰਘ ਦੀ ਪੁਲਿਸ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ, ਹੁਣ ਤੱਕ ਪੁਲਿਸ ਨੇ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਦੇ ਮਾਮਲੇ ‘ਚ 3 ਮੁਲਜ਼ਮਾਂ ਦੀ ਪਹਿਚਾਣ ਕੀਤੀ ਹੈ ਇਨ੍ਹਾਂ ਵਿਚੋਂ ਪਿੰਡ ਆਦੀਆਂ ਦੇ 2 ਅਤੇ ਇੱਕ ਆਲੀਨੰਗਲ ਪਿੰਡ ਦਾ ਨੌਜਵਾਨ ਦੱਸਿਆ ਗਿਆ ਹੈ
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ, ਰਣਜੀਤ ਸਿੰਘ ਦੀ ਪੁਲਿਸ ਨਾਲ ਮੁੱਠਭੇੜ ਹੋਈ ਸੀ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ‘ਚ ਗੋਲੀ ਲੱਗਣ ਤੋਂ ਬਾਅਦ ਰਣਜੀਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਗੁਰਦਾਸਪੁਰ ਦੇ ਆਦੀਆਂ ਪੁਲਿਸ ਸਟੇਸ਼ਨ ਵਿੱਚ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਅਤੇ ਏਐਸਆਈ ਗੁਰਨਾਮ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਪੁਲਿਸ ਦੇ ਅਨੁਸਾਰ, ਇਸ ਮਾਮਲੇ ਵਿੱਚ ਪਹਿਲਾਂ ਅਲੀਨੰਗਲ ਦੇ ਦਿਲਾਵਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸਦੀ ਪੁੱਛਗਿੱਛ ਦੌਰਾਨ, ਆਦੀਆਂ ਪਿੰਡ ਦੇ ਰਣਜੀਤ ਅਤੇ ਇੰਦਰਜੀਤ ਦੇ ਨਾਮ ਸਾਹਮਣੇ ਆਏ ਸਨ। ਇਸ ਤੋਂ ਬਾਅਦ, ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ।