ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਵੱਲੋਂ ਬਿਰਧ ਘਰ ਫੱਤਾ ਮਾਲੋਕਾ ਦਾ ਦੌਰਾ*

ਮਾਨਸਾ, (ਆਹਲੂਵਾਲੀਆ) :ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਮ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਮਾਨਸਾ ਸ੍ਰੀ ਮਨਜਿੰਦਰ ਸਿੰਘ ਨੇ ਬਿਰਧ ਘਰ ਪਿੰਡ ਫੱਤਾ ਮਾਲੋਕਾ ਦਾ ਦੌਰਾ ਕੀਤਾ ਅਤੇ ਲੋੜਵੰਦ ਬਜ਼ੁਰਗਾਂ ਲਈ ਵਾਇਸ ਆਫ ਮਾਨਸਾ, ਮਨੁੱਖੀ ਅਧਿਕਾਰ ਸੁਰੱਖਿਆ ਸੰਸਥਾ (ਰਜਿ.), ਬਠਿੰਡਾ ਦੇ ਸਹਿਯੋਗ ਨਾਲ ਦੋ ਵਹੀਲ ਚੇਅਰਾਂ ਭੇਂਟ ਕੀਤੀਆਂ ਗਈਆਂ।

ਇਸ ਮੌਕੇ ਸੈਸ਼ਨਜ਼ ਜੱਜ ਵੱਲੋਂ ਰਾਜਵਿੰਦਰ ਕੌਰ, ਸਿਵਲ ਜੱਜ ਸੀਨੀਅਰ ਡਵੀਜ਼ਨ ਕਮ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਦੀ ਇਸ ਉਪਰਾਲੇ ਲਈ ਸ਼ਲਾਘਾ ਕੀਤੀ।

ਸੈਸ਼ਨਜ਼ ਜੱਜ ਵੱਲੋਂ ਬਿਰਧ ਆਸ਼ਰਮ ਵਿਚ ਰਹਿ ਰਹੇ ਬੁਜ਼ਰਗਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੇ ਰਹਿਣ ਸਹਿਣ, ਖਾਣ ਪੀਣ, ਇਲਾਜ਼ ਵਰਗੀ ਸੁਵਿਧਾਵਾਂ ਦੀ ਜਾਂਚ ਕੀਤੀ ਗਈ।

ਸੈਸ਼ਨਜ਼ ਜੱਜ ਵੱਲੋਂ ਬੁਜ਼ਰਗਾਂ ਨੂੰ ਕਿਹਾ ਗਿਆ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਦੀ ਲੋੜ ਹੈ ਤਾਂ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਦੇ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ।

ਉਨ੍ਹਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਵੱਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਕਾਨੂੰਨੀ ਸੇਵਾਵਾਂ ਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਜਿਵੇਂ ਕਿ ਬੁਢਾਪਾ ਪੈਨਸ਼ਨ ਆਦਿ ਬਾਰੇ ਵੀ ਦੱਸਿਆ ਗਿਆ।

ਉਨ੍ਹਾਂ ਕਿਹਾ ਕਿ ਬਿਰਧ ਆਸ਼ਰਮ ਵਿੱਚ ਪਹਿਲਾਂ ਵਾਂਗ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੁਜ਼ਰਗਾਂ ਲਈ ਮੁਫ਼ਤ ਮੈਡੀਕਲ ਕੈਂਪ ਭਵਿੱਖ ਵਿਚ ਵੀ ਲਗਾਏ ਜਾਂਦੇ ਰਹਿਣਗੇ। ਕੁੱਝ ਬੁਜ਼ਰਗਾਂ ਨੇ ਆਪਣੇ ਆਧਾਰ ਕਾਰਡ ਨਾ ਬਣੇ ਹੋਣ ਬਾਰੇ ਵੀ ਗੱਲ ਕੀਤੀ ਤਾਂ ਸੈਸ਼ਨਜ਼ ਜੱਜ ਨੇ ਬਿਰਧ ਆਸ਼ਰਮ ਦੇ ਸਟਾਫ ਮੈਂਬਰਾਂ ਨੂੰ ਕਿਹਾ ਕਿ ਉਹ ਬੁਜ਼ਰਗਾਂ ਦੀ ਸੂਚੀ ਬਣਾ ਕੇ ਭੇਜਣ ਤਾਂ ਜੋ ਉਨ੍ਹਾਂ ਦੇ ਆਧਾਰ ਕਾਰਡ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਣਾਏ ਜਾ ਸਕਣ।

ਇਸ ਮੌਕੇ ਵਾਇਸ ਆਫ ਮਾਨਸਾ ਤੋਂ ਹਰਿੰਦਰ ਸਿੰਘ ਮਾਨਸ਼ਾਹੀਆ, ਸੇਠੀ ਸੰਘ ਸਰਾਂ, ਲਖਵਿੰਦਰ ਸਿੰਘ ਮੂਸਾ, ਬਿਰਧ ਆਸ਼ਰਮ ਦੇ ਪ੍ਰਬੰਧਕ ਗੁਰਧਿਆਨ ਸਿੰਘ, ਬਿਰਧ ਆਸ਼ਰਮ ਦੇ ਸਟਾਫ ਮੈਂਬਰ ਹਾਜ਼ਰ ਸਨ।

Dastak Punjab
Author: Dastak Punjab

Leave a Comment